Internship Program

A unique opportunity for law students to engage with employment law

ISEALS for international students

Supporting students' work rights

Fact Sheets

Fact Sheets about a number of employment law issues

Newsletter signup

For regular employment law updates from JobWatch

Open Menu Close Menu

ਕੰਮ 'ਤੇ ਤੁਹਾਡੇ ਅਧਿਕਾਰ

ਡਾਊਨਲੋਡ ਕਰੋ

ਬੇਦਾਅਵਾ: ਇਹ ਆਮ ਜਾਣਕਾਰੀ ਹੈ ਅਤੇ ਪੇਸ਼ੇਵਰ ਕਾਨੂੰਨੀ ਸਲਾਹ ਦਾ ਬਦਲ ਨਹੀਂ ਹੈ। ਇਸ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਨਿੱਜੀ ਸਥਿਤੀ ਬਾਰੇ ਕਿਸੇ ਵਕੀਲ ਤੋਂ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ।

ਕੰਮ 'ਤੇ ਤੁਹਾਡੇ ਅਧਿਕਾਰ

ਤੁਹਾਡੇ ਕੋਲ ਆਸਟ੍ਰੇਲੀਆ ਵਿੱਚ ਇੱਕ ਕਰਮਚਾਰੀ ਵਜੋਂ ਕਾਨੂੰਨੀ ਅਧਿਕਾਰ ਹਨ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਪੈਦਾ ਹੋਏ ਸੀ ਜਾਂ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ, ਇੱਕ ਕਰਮਚਾਰੀ ਹੋਣ ਵਜੋਂ ਤੁਸੀਂ ਆਸਟ੍ਰੇਲੀਆਈ ਰੁਜ਼ਗਾਰ ਕਾਨੂੰਨਾਂ ਦੁਆਰਾ ਸੁਰੱਖਿਅਤ ਹੋ।

ਇਹ ਕਿਤਾਬਚਾ ਤੁਹਾਡੇ ਕੰਮ ਕਰਨ ਦੇ ਅਧਿਕਾਰਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਵਧੇਰੇ ਕਾਨੂੰਨੀ ਜਾਣਕਾਰੀ ਅਤੇ ਕੰਮ ‘ਤੇ ਆਪਣੇ ਅਧਿਕਾਰਾਂ ਸੰਬੰਧੀ ਸਹਾਇਤਾ ਲਈ, ਤੁਸੀਂ JobWatch ਟੈਲੀਫ਼ੋਨ ਸੂਚਨਾ ਸੇਵਾ ਨਾਲ ਸੰਪਰਕ ਕਰ ਸਕਦੇ ਹੋ।

  • 1800 331 617 (ਖੇਤਰੀ VIC, QLD, TAS)
  • (03) 9662 1933 (ਮੈਲਬੌਰਨ ਮੈਟਰੋ)

ਜੇ ਤੁਹਾਨੂੰ ਫ਼ੋਨ ‘ਤੇ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਅਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਰਾਹੀਂ ਦੁਭਾਸ਼ੀਏ ਦਾ ਪ੍ਰਬੰਧ ਕਰ ਸਕਦੇ ਹਾਂ।

ਤੁਸੀਂ ਰੁਜ਼ਗਾਰ ਕਿਵੇਂ ਪ੍ਰਾਪਤ ਕਰ ਰਹੇ ਹੋ

ਕਰਮਚਾਰੀ

ਜੇ ਤੁਸੀਂ ਕਰਮਚਾਰੀ ਹੋ, ਤਾਂ ਤੁਸੀਂ ਕਿਸੇ ਹੋਰ ਦੇ ਕਾਰੋਬਾਰ ਵਿੱਚ ਕੰਮ ਕਰਦੇ ਹੋ। ਉਹ ਨਿਯੰਤਰਨ ਕਰਦੇ ਹਨ ਕਿ ਤੁਸੀਂ ਆਪਣਾ ਕੰਮ ਕਿਵੇਂ, ਕਿੱਥੇ, ਅਤੇ ਕਦੋਂ ਕਰਦੇ ਹੋ, ਅਤੇ ਜੋ ਤੁਸੀਂ ਕਰਦੇ ਹੋ ਤੁਹਾਨੂੰ ਉਸ ਕੰਮ ਲਈ ਤਨਖ਼ਾਹ ਮਿਲਦੀ ਹੈ।

ਇੱਥੇ ਦੋ ਤਰ੍ਹਾਂ ਦੇ ਕਰਮਚਾਰੀ ਹਨ – ਸਥਾਈ(ਪਰਮਾਨੇਂਟ) ਕਰਮਚਾਰੀ ਅਤੇ ਕੈਜ਼ੂਅਲ ਕਰਮਚਾਰੀ।

ਸਥਾਈ ਕਰਮਚਾਰੀਆਂ ਨੂੰ ਤਨਖ਼ਾਹ ਸੁਦਾ ਛੁੱਟੀ, ਕੰਮ ਦੀ ਸਥਿਰਤਾ ਅਤੇ ਨੌਕਰੀ ਗੁਆਉਣ ਤੋਂ ਸੁਰੱਖਿਆ ਵਰਗੇ ਲਾਭ ਪ੍ਰਾਪਤ ਹੁੰਦੇ ਹਨ। ਕੈਜ਼ੂਅਲ ਕਰਮਚਾਰੀਆਂ ਨੂੰ ਤਨਖ਼ਾਹ ਦੀਆਂ ਉੱਚੀਆਂ ਦਰਾਂ ਅਤੇ ਸ਼ਿਫਟਾਂ ਨੂੰ ਮਨ੍ਹਾਂ ਕਰਨ ਦੀ ਸਹੂਲੀਅਤ ਵਰਗੇ ਲਾਭ ਮਿਲਦੇ ਹਨ।

ਜੇ ਤੁਸੀਂ ਇੱਕ ਕੈਜ਼ੂਅਲ ਕਰਮਚਾਰੀ ਹੋ ਅਤੇ ਸਥਾਈ ਕਰਮਚਾਰੀ ਬਣਨਾ ਚਾਹੁੰਦੇ ਹੋ, ਤਾਂ ਕੁਝ ਕੈਜ਼ੂਅਲ ਕਰਮਚਾਰੀਆਂ ਲਈ 12 ਮਹੀਨਿਆਂ ਦੇ ਕੰਮ ਤੋਂ ਬਾਅਦ ਸਥਾਈ ਕਰਮਚਾਰੀ ਬਣਨ ਦਾ ਵਿਕਲਪ ਹੁੰਦਾ ਹੈ। ਇਸ ਨੂੰ ਆਮ (ਕੈਜ਼ੂਅਲ ) ਪਰਿਵਰਤਨ ਕਿਹਾ ਜਾਂਦਾ ਹੈ।

ਖੁਦਮੁਖਤਿਆਰ ਠੇਕੇਦਾਰ

ਖੁਦਮੁਖਤਿਆਰ ਠੇਕੇਦਾਰ ਨੂੰ ਉਹਨਾਂ ਦੁਆਰਾ ਦਿੱਤੀ ਜਾਣ ਵਾਲੀ ਸੇਵਾ ਲਈ ਭਾੜੇ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਉਨ੍ਹਾਂ ਕੋਲ ABN ਹੁੰਦਾ ਹੈ ਅਤੇ ਤਨਖ਼ਾਹ ਦੀ ਬਜਾਏ ਚਲਾਨ (ਇਨਵੋਇਸ) ਰਾਹੀਂ ਭੁਗਤਾਨ ਕੀਤਾ ਜਾਂਦਾ ਹੈ।

ਖੁਦਮੁਖਤਿਆਰ ਠੇਕੇਦਾਰ ਦੀ ਇੱਕ ਉਦਾਹਰਨ ਪਲੰਬਰ ਹੈ ਜਿਸਨੂੰ ਕਿਸੇ ਕੰਮ ਨੂੰ ਪੂਰਾ ਕਰਨ ਲਈ ਭਾੜੇ ‘ਤੇ ਨਿਯੁਕਤ ਕੀਤਾ ਜਾਂਦਾ ਹੈ। ਇੱਕ ਵਾਰ ਜਦੋਂ ਉਹ ਕੰਮ ਪੂਰਾ ਹੋ ਜਾਂਦਾ ਹੈ, ਖੁਦਮੁਖਤਿਆਰ ਠੇਕੇਦਾਰ ਹੋਰ ਕੰਮ ਲੈਣ ਲਈ ਸੁਤੰਤਰ ਹੁੰਦਾ ਹੈ ਅਤੇ ਉਸਨੂੰ ਰੁਜ਼ਗਾਰਦਾਤਾ ਦੇ ਨਾਲ ਰਹਿਣ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਨਕਲੀ ਠੇਕੇਦਾਰੀ

ਕਾਮਿਆਂ ਨੂੰ ਉਨ੍ਹਾਂ ਦੇ ਰੁਜ਼ਗਾਰ ਦੇ ਪੂਰੇ ਲਾਭ ਦੇਣ ਤੋਂ ਬਚਣ ਲਈ, ਕੁੱਝ ਰੁਜ਼ਗਾਰਦਾਤਾ ਕਹਿਣਗੇ ਕਿ ਉਨ੍ਹਾਂ ਦੇ ਕਾਮੇ ਖੁਦਮੁਖਤਿਆਰ ਠੇਕੇਦਾਰ ਹਨ ਨਾ ਕਿ ਕਰਮਚਾਰੀ। ਇਸਨੂੰ ਨਕਲੀ ਠੇਕੇਦਾਰੀ ਕਿਹਾ ਜਾਂਦਾ ਹੈ।

ਜੇ ਤੁਸੀਂ ਮੰਨਦੇ ਹੋ ਕਿ ਤੁਸੀਂ ਇੱਕ ਕਰਮਚਾਰੀ ਹੋ ਅਤੇ ਖ਼ੁਦਮੁਖ਼ਤਿਆਰ ਠੇਕੇਦਾਰ ਨਹੀਂ ਹੋ, ਤਾਂ ਤੁਸੀਂ ਉਨ੍ਹਾਂ ਲਾਭਾਂ ਲਈ ਦਾਅਵਾ ਕਰ ਸਕਦੇ ਹੋ ਜਿਨ੍ਹਾਂ ਦਾ ਤੁਸੀਂ ਬਕਾਇਆ ਲੈਣਾ ਹੈ। ਗ਼ੈਰ-ਅਦਾਇਗੀ ਹੱਕਦਾਰੀਆਂ ਲਈ ਦਾਅਵਾ ਦਾਇਰ ਕਰਨ ਲਈ ਤੁਹਾਡੇ ਕੋਲ 6 ਸਾਲ ਹਨ।

ਰੁਜ਼ਗਾਰ ਦੇ ਇਕਰਾਰਨਾਮੇ

ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰੁਜ਼ਗਾਰ ਦੇ ਇਕਰਾਰਨਾਮੇ ਲਿਖਤੀ ਰੂਪ ਵਿੱਚ ਹੋਣ ਦੀ ਜ਼ਰੂਰਤ ਹੈ। ਇਹ ਸੱਚ ਨਹੀਂ ਹੈ। ਰੁਜ਼ਗਾਰ ਇਕਰਾਰਨਾਮਾ ਮੂੰਹ-ਜ਼ੁਬਾਨੀ ਵੀ ਹੋ ਸਕਦਾ ਹੈ।

ਜੇ ਤੁਹਾਨੂੰ ਰੁਜ਼ਗਾਰ ਦਾ ਲਿਖਤੀ ਇਕਰਾਰਨਾਮਾ ਦਿੱਤਾ ਜਾਂਦਾ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਸ ‘ਤੇ ਦਸਤਖਤ ਨਾ ਕਰੋ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਸਮਝ ਨਹੀਂ ਲੈਂਦੇ ਕਿ ਇਸ ਵਿੱਚ ਕੀ ਲਿਖਿਆ ਹੋਇਆ ਹੈ। ਕਿਸੇ ਵੀ ਚੀਜ਼ ‘ਤੇ ਦਸਤਖ਼ਤ ਕਰਨ ਤੋਂ ਪਹਿਲਾਂ ਕਨੂੰਨੀ ਸਲਾਹ ਲਓ।

ਕਈ ਵਾਰ ਤੁਹਾਡੀ ਨੌਕਰੀ ਬਦਲ ਸਕਦੀ ਹੈ – ਤੁਹਾਨੂੰ ਤਰੱਕੀ ਦਿੱਤੀ ਜਾ ਸਕਦੀ ਹੈ, ਕਿਸੇ ਵੱਖਰੇ ਇਲਾਕੇ ਵਿੱਚ ਬਦਲੀ ਕੀਤਾ ਜਾ ਸਕਦਾ ਹੈ, ਜਾਂ ਤੁਹਾਡੇ ਕੰਮ ਦੇ ਘੰਟੇ ਬਦਲ ਸਕਦੇ ਹਨ। ਤੁਹਾਡੇ ਇਕਰਾਰਨਾਮੇ ਦੀਆਂ ਸ਼ਰਤਾਂ ਵਿੱਚ ਕੋਈ ਪ੍ਰਸਤਾਵਿਤ ਤਬਦੀਲੀਆਂ ਤੁਹਾਡੇ ਨਾਲ ਵਿਚਾਰੀਆਂ ਜਾਣੀਆਂ ਚਾਹੀਦੀਆਂ ਹਨ। ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡਾ ਇਕਰਾਰਨਾਮਾ ਕਾਨੂੰਨੀ ਤੌਰ ‘ਤੇ ਨਹੀਂ ਬਦਲਿਆ ਜਾ ਸਕਦਾ ਹੈ। ਤੁਸੀਂ ਉਸ ਤਬਦੀਲੀ ਨੂੰ ਨਾਂਹ ਵੀ ਕਹਿ ਸਕਦੇ ਹੋ।

ਭੁਗਤਾਨ ਪ੍ਰਾਪਤ ਕਰਨਾ

ਅਦਾਇਗੀ-ਰਹਿਤ ਪਰਖ਼ ਲਈ ਕਰਵਾਇਆ (ਟ੍ਰਾਯਲ) ਕੰਮ

ਤੁਹਾਡੇ ਦੁਆਰਾ ਕੀਤੇ ਗਏ ਸਾਰੇ ਕੰਮਾਂ ਲਈ ਤੁਹਾਨੂੰ ਭੁਗਤਾਨ ਕੀਤੇ ਜਾਣਾ ਤੁਹਾਡਾ ਅਧਿਕਾਰ ਹੈ – ਪਰਖ਼ ਲਈ ਕਰਵਾਏ (ਟ੍ਰਾਯਲ) ਕੰਮ ਸਮੇਤ ਜਿੱਥੇ ਤੁਸੀਂ ਅਤੇ ਰੁਜ਼ਗਾਰਦਾਤਾ ਦੇਖ ਰਹੇ ਹੁੰਦੇ ਹੋ ਕਿ ਕੀ ਤੁਸੀਂ ਉਸ ਭੂਮਿਕਾ ਲਈ ਢੁਕਵੇਂ ਹੋ।

ਅਜ਼ਮਾਇਸ਼ ਕੰਮ (ਟ੍ਰਾਯਲ ਵਰਕ) ਇੱਕ ਘੰਟਾ, ਇੱਕ ਹਫ਼ਤਾ ਜਾਂ ਇੱਕ ਮਹੀਨਾ ਵੀ ਹੋ ਸਕਦਾ ਹੈ – ਭਾਵੇਂ ਇਹ ਕਿੰਨਾ ਵੀ ਲੰਮਾ ਹੋਵੇ, ਤੁਹਾਨੂੰ ਇਸ ਕੰਮ ਲਈ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਰੁਜ਼ਗਾਰਦਾਤਾ ਦੁਆਰਾ ਇਸ ਕੰਮ ਲਈ ਤੁਹਾਨੂੰ ਭੁਗਤਾਨ ਨਾ ਕਰਨਾ ਗੈਰਕਨੂੰਨੀ ਹੈ। ਅਦਾਇਗੀ ਰਹਿਤ ਵੇਤਨ ਲਈ ਦਾਅਵਾ ਦਾਇਰ ਕਰਨ ਲਈ ਤੁਹਾਡੇ ਕੋਲ 6 ਸਾਲ ਦਾ ਸਮਾਂ ਹੁੰਦਾ ਹੈ।

ਕੈਸ਼-ਇਨ-ਹੈਂਡ (ਨਕਦ) ਨੌਕਰੀਆਂ

ਕੈਸ਼-ਇਨ-ਹੈਂਡ ਨੌਕਰੀ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਕੰਮ ਦਾ ਕੋਈ ਅਧਿਕਾਰਤ ਰਿਕਾਰਡ ਮੌਜ਼ੂਦ ਨਹੀਂ ਹੁੰਦਾ ਹੈ। ਤੁਹਾਨੂੰ ਨਕਦ ਜਾਂ ਬੈਂਕ ਟ੍ਰਾਂਸਫਰ ਦੁਆਰਾ ਭੁਗਤਾਨ ਕੀਤਾ ਜਾ ਸਕਦਾ ਹੈ, ਪਰ ਤੁਸੀਂ ‘ਦਫ਼ਤਰੀ ਕਾਰਵਾਈ ਤੋਂ ਬਾਹਰ ਹੁੰਦੇ ਹੋ।’ ਕੁੱਝ ਮਾਲਕ ਟੈਕਸ ਦੇਣ ਜਾਂ ਸੁਪਰਐਨੂੰਏਸ਼ਨ ਤੋਂ ਬਚਣ ਲਈ ਅਜਿਹਾ ਕਰਨਗੇ। ਇਹ ਗੈਰ-ਕਨੂੰਨੀ ਹੈ।

ਬਹੁਤ ਸਾਰੀਆਂ ਕੈਸ਼-ਇਨ-ਹੈਂਡ ਨੌਕਰੀਆਂ ਦੀ ਸਮੱਸਿਆ ਇਹ ਹੈ ਕਿ ਹੋ ਸਕਦਾ ਹੈ ਕਿ ਤੁਹਾਡੇ ਕੰਮ ਦੇ ਅਧਿਕਾਰਾਂ ਦਾ ਤੁਹਾਡੇ ਰੁਜ਼ਗਾਰਦਾਤਾ ਦੁਆਰਾ ਆਦਰ ਨਾ ਕੀਤਾ ਜਾਵੇ ਕਿਉਂਕਿ ਤੁਹਾਡੇ ਕੰਮ ਦਾ ਕੋਈ ਅਧਿਕਾਰਤ ਰਿਕਾਰਡ ਨਹੀਂ ਹੈ।

ਜੇ ਤੁਹਾਡੇ ਕੋਲ ਕੈਸ਼-ਇਨ-ਹੈਂਡ ਨੌਕਰੀ ਹੈ, ਤਾਂ ਆਪਣੇ ਕੰਮ ਬਾਰੇ ਜਿੰਨੇ ਹੋ ਸਕਣ ਰਿਕਾਰਡ ਰੱਖੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਕਿਹੜੇ ਦਿਨ ਕੰਮ ਕਰਦੇ ਹੋ ਅਤੇ ਤੁਸੀਂ ਕਿੰਨੀ ਦੇਰ ਕੰਮ ਕਰਦੇ ਹੋ, ਅਤੇ ਕੋਈ ਵੀ ਟੈਕਸਟ ਮੈਸੇਜ਼ ਜਾਂ ਈਮੇਲਾਂ। Fair Work Ombudsman (ਫੇਅਰ ਵਰਕ ਓਮਬਡਸਮੈਨ) ਕੋਲ ‘Record my Hours’ (‘ਰਿਕਾਰਡ ਮਾਈ ਆਵਰਜ਼’) https://www.fairwork.gov.au/tools-and-resources/record-my-hours-app ਐਪ ਹੈ ਜਿਸਦੀ ਵਰਤੋਂ ਤੁਸੀਂ ਕਰ ਸਕਦੇ ਹੋ। ਤੁਹਾਨੂੰ ਹਰੇਕ ਵਿੱਤੀ ਸਾਲ ਦੇ ਅੰਤ ‘ਤੇ Australian Tax Office (ਆਸਟ੍ਰੇਲੀਅਨ ਟੈਕਸ ਦਫ਼ਤਰ) ਕੋਲ ਟੈਕਸ ਰਿਟਰਨ ਵੀ ਜਮ੍ਹਾਂ ਕਰਾਉਣੀ ਚਾਹੀਦੀ ਹੈ।

ਤੁਹਾਨੂੰ ਕਿੰਨਾ ਭੁਗਤਾਨ ਕੀਤਾ ਜਾਂਦਾ ਹੈ

ਜੇ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ, ਤਾਂ ਤੁਹਾਨੂੰ ਕਦੇ ਵੀ ਆਸਟ੍ਰੇਲੀਅਨ ਰਾਸ਼ਟਰੀ ਘੱਟੋ-ਘੱਟ ਵੇਤਨ ਤੋਂ ਘੱਟ ਭੁਗਤਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਤੁਹਾਨੂੰ ਘੱਟੋ-ਘੱਟ ਵੇਤਨ ਤੋਂ ਵੱਧ ਭੁਗਤਾਨ ਕੀਤਾ ਜਾ ਸਕਦਾ ਹੈ। ਤੁਹਾਡੇ ਕੰਮ ਕਰਨ ਦੇ ਦਿਨਾਂ ਅਤੇ ਘੰਟਿਆਂ ਦੇ ਅਧਾਰ ‘ਤੇ ਕੁੱਝ ਕੰਮ ਸਥਾਨਾਂ ‘ਤੇ ਤਨਖ਼ਾਹ ਦੀਆਂ ਉੱਚੀਆਂ ਜਾਂ ਵੱਖਰੀਆਂ ਦਰਾਂ ਹੋ ਸਕਦੀਆਂ ਹਨ ਕਿਉਂਕਿ ਉਹ ਆਧੁਨਿਕ ਪੁਰਸਕਾਰ ਜਾਂ ਉੱਦਮੀ ਸਮਝੌਤੇ ਦੇ ਅਧੀਨ ਕੰਮ ਕਰਦੇ ਹਨ।

ਇਹ ਪਤਾ ਲਗਾਉਣ ਲਈ ਕਿ ਤੁਹਾਡੀ ਤਨਖ਼ਾਹ ਦੀ ਦਰ ਕੀ ਹੋਣੀ ਚਾਹੀਦੀ ਹੈ, Fair Work Ombudsman (ਫੇਅਰ ਵਰਕ ਓਮਬਡਸਮੈਨ) ਨਾਲ ਸੰਪਰਕ ਕਰੋ।

ਸੁਪਰਏਨਯੂਏਸ਼ਨ (ਸੁਪਰ)

ਰੁਜ਼ਗਾਰਦਾਤਾਵਾਂ ਨੂੰ ਤੁਹਾਡੀ ਰਿਟਾਇਰਮੈਂਟ ਲਈ ਤੁਹਾਡੀ ਤਨਖ਼ਾਹ ਦਾ 10% ਸੁਪਰਐਨਯੂਏਸ਼ਨ ਫੰਡ ਵਿੱਚ ਲਾਜ਼ਮੀ ਤੌਰ ‘ਤੇ ਅਦਾ ਕਰਨਾ ਚਾਹੀਦਾ ਹੈ। ਇਹ ਸੁਪਰ ਅਦਾਇਗੀ ਜਾਂ ਤਾਂ ਤੁਹਾਡੀ ਤਨਖ਼ਾਹ ਤੋਂ ਇਲਾਵਾ ਹੈ ਜਾਂ ਤੁਹਾਡੀ ਤਨਖ਼ਾਹ ਦੇ ਹਿੱਸੇ ਵਜੋਂ ਹੁੰਦੀ ਹੈ- ਇਹ ਆਮ ਤੌਰ ‘ਤੇ ਤੁਹਾਡੇ ਇਕਰਾਰਨਾਮੇ ਵਿੱਚ ਵਿਸਤ੍ਰਿਤ ਲਿਖਿਆ ਹੁੰਦਾ ਹੈ। ਤੁਹਾਡੇ ਰੁਜ਼ਗਾਰਦਾਤਾ ਦੁਆਰਾ ਕੀਤੇ ਗਏ ਸੁਪਰ ਯੋਗਦਾਨਾਂ ਨੂੰ ਤੁਹਾਨੂੰ ਮਿਲਣ ਵਾਲੀਆਂ ਪੇਸਲਿੱਪਾਂ (ਤਨਖ਼ਾਹ ਪਰਚੀਆਂ) ਵਿੱਚ ਸੂਚੀਬੱਧ ਕੀਤਾ ਗਿਆ ਹੋਣਾ ਚਾਹੀਦਾ ਹੈ।

ਸੁਪਰ ਯੋਗਦਾਨ ਕਰਨ ਵਿਚ ਕੁੱਝ ਛੋਟਾਂ ਹਨ – ਉਦਾਹਰਨ ਲਈ, ਕੁਝ ਖ਼ੁਦਮੁਖ਼ਤਿਆਰ ਠੇਕੇਦਾਰ ਜਾਂ ਨਾਬਾਲਿਗ ਕਰਮਚਾਰੀ ਸੁਪਰ ਪ੍ਰਾਪਤ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ 10%ਦੀ ਗਣਨਾ ਕਰਦੇ ਸਮੇਂ, ਤੁਹਾਡੀ ਤਨਖ਼ਾਹ ਵਿੱਚ ਓਵਰਟਾਈਮ ਭੁਗਤਾਨ ਅਤੇ ਹੋਰ ਭੱਤੇ ਵੀ ਨਾ ਸ਼ਾਮਲ ਜਾਣ।

ਜੇ ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਹੈ, ਜਾਂ ਢੁੱਕਵੇਂ ਸੁਪਰ ਦਾ ਭੁਗਤਾਨ ਨਹੀਂ ਕਰ ਰਿਹਾ ਹੈ, ਤਾਂ ਤੁਸੀਂ Australian Tax Office (ਆਸਟ੍ਰੇਲੀਅਨ ਟੈਕਸ ਦਫ਼ਤਰ) ਨਾਲ ਸੰਪਰਕ ਕਰ ਸਕਦੇ ਹੋ।

ਜਦੋਂ ਤੁਸੀਂ ਕੰਮ ਕਰ ਰਹੇ ਹੋ

ਛੁੱਟੀ ਲੈਣ ਦਾ ਤੁਹਾਡਾ ਅਧਿਕਾਰ

ਸਥਾਈ ਕਰਮਚਾਰੀਆਂ ਨੂੰ ਕੰਮ ਤੋਂ ਕਈ ਕਿਸਮ ਦੀਆਂ ਭੁਗਤਾਨ-ਸਹਿਤ ਛੁੱਟੀਆਂ ਦਾ ਅਧਿਕਾਰ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਸਾਲਾਨਾ ਛੁੱਟੀ
  • ਨਿੱਜੀ ਜਾਂ ਦੇਖਭਾਲਕਰਤਾ ਵਜੋਂ ਛੁੱਟੀ
  • ਹਮਦਰਦੀ ਕਾਰਨ ਕਰਕੇ ਛੁੱਟੀ

ਕੈਜ਼ੂਅਲ ਕਰਮਚਾਰੀ ਵੀ ਹਮਦਰਦੀ ਭਰੇ ਕਾਰਨ ਕਰਕੇ ਅਦਾਇਗੀ-ਰਹਿਤ ਛੁੱਟੀ ਲੈਣ ਦੇ ਹੱਕਦਾਰ ਹਨ।

ਛੁੱਟੀ ਲੈਣ ਅਤੇ ਆਪਣੇ ਹੱਕਾਂ ਨੂੰ ਸਮਝਣ ਲਈ, ਆਪਣੇ ਇਕਰਾਰਨਾਮੇ, ਪੁਰਸਕਾਰ ਜਾਂ ਉੱਦਮੀ ਸਮਝੌਤੇ ਅਤੇ ਆਪਣੇ ਮਾਲਕ ਦੀ ਛੁੱਟੀ ਨੀਤੀ ਨੂੰ ਚੈੱਕ ਕਰੋ।

ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ, ਕਮਿਊਨਿਟੀ ਸੇਵਾ ਛੁੱਟੀ ਅਤੇ ਲੰਮਾ ਸਮਾਂ ਕੰਮ ‘ਤੇ ਸੇਵਾ ਨਿਭਾਉਣ ਲਈ (ਲਾਂਗ ਸਰਵਿਸ) ਛੁੱਟੀ ਸਮੇਤ ਹੋਰ ਕਈ ਕਿਸਮ ਦੀਆਂ ਛੁੱਟੀਆਂ ਉਪਲਬਧ ਹਨ।

ਭੇਦਭਾਵ

ਆਸਟ੍ਰੇਲੀਆ ਦੇ ਕਾਨੂੰਨ ਇਨ੍ਹਾਂ ਕਾਰਨਾਂ ਕਰਕੇ ਤੁਹਾਨੂੰ ਤੁਹਾਡੇ ਕੰਮ ‘ਤੇ ਬੁਰੇ ਜਾਂ ਵੱਖਰੇ ਤਰੀਕੇ ਨਾਲ ਵਤੀਰਾ ਕੀਤੇ ਜਾਣ ਤੋਂ ਬਚਾਉਂਦੇ ਹਨ :

  • ਤੁਹਾਡੀ ਨਸਲ ਜਾਂ ਕੌਮੀਅਤ ਦੇ ਕਾਰਨ
  • ਉਮਰ
  • ਲਿੰਗ-ਪਛਾਣ
  • ਜਿਨਸੀ ਰੁਝਾਨ
  • ਧਰਮ ਜਾਂ ਰਾਜਨੀਤਿਕ ਵਿਸ਼ਵਾਸ
  • ਮਾਪਿਆਂ ਅਤੇ ਦੇਖਭਾਲਕਰਤਾ ਦੀ ਸਥਿਤੀ ਵਿੱਚ ਹੋਣ ਕਾਰਨ
  • ਗਰਭ ਅਵਸਥਾ ਜਾਂ ਦੁੱਧ ਚੁੰਘਾਉਣ ਦੀ ਸਥਿਤੀ ਕਾਰਨ

ਭੇਦਭਾਵ ਸਿੱਧਾ ਹੋ ਸਕਦਾ ਹੈ – ਉਦਾਹਰਣ ਵਜੋਂ, ਤੁਹਾਨੂੰ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਉਹ ਨੌਕਰੀ ਨਹੀਂ ਮਿਲੀ ਜਿਸ ਲਈ ਤੁਸੀਂ ਅਰਜ਼ੀ ਦਿੱਤੀ ਸੀ ਕਿਉਂਕਿ ਮਾਲਕ ਨੂੰ ਤੁਹਾਡਾ ਲਹਿਜ਼ਾ ਪਸੰਦ ਨਹੀਂ ਸੀ।

ਭੇਦਭਾਵ ਅਸਿੱਧੇ ਰੂਪ ਵਿੱਚ ਵੀ ਹੋ ਸਕਦਾ ਹੈ – ਉਦਾਹਰਣ ਦੇ ਲਈ, ਤੁਹਾਡਾ ਰੁਜ਼ਗਾਰਦਾਤਾ ਗੈਰ-ਵਾਜਬ ਕੰਮ ਦੇ ਘੰਟਿਆਂ ‘ਤੇ ਆਉਣ ਲਈ ਜ਼ੋਰ ਪਾ ਸਕਦਾ ਹੈ ਜੋ ਦੇਖਭਾਲਕਰਤਾ ਦੀਆਂ ਜ਼ਿੰਮੇਵਾਰੀਆਂ ਵਾਲੇ ਲੋਕਾਂ ਲਈ ਕਰਨਾ ਮੁਸ਼ਕਲ ਹੁੰਦੇ ਹਨ।

ਜੇ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਹੈ, ਤਾਂ ਤੁਸੀਂ ਆਪਣੇ ਰਾਜ ਵਿੱਚ ਭੇਦਭਾਵ ਵਿਰੋਧੀ ਅਥਾਰਟੀ ਜਾਂ Australian Human Rights Commission (ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ) ਰਾਹੀਂ ਮੁਆਵਜ਼ੇ ਲਈ ਦਾਅਵਾ ਕਰ ਸਕਦੇ ਹੋ।

ਜੇ ਤੁਹਾਡੇ ਨਾਲ ਭੇਦਭਾਵ ਕੀਤਾ ਜਾਂਦਾ ਹੈ ਅਤੇ ਭੇਦਭਾਵ ਦੇ ਕਾਰਨ ਤੁਸੀਂ ਆਪਣੀ ਨੌਕਰੀ ਗੁਆ ਲੈਂਦੇ ਹੋ, ਤਾਂ ਤੁਸੀਂ ਆਪਣੀ ਨੌਕਰੀ ਗੁਆਉਣ ਦੇ 21 ਦਿਨਾਂ ਦੇ ਅੰਦਰ-ਅੰਦਰ Fair Work Commission (ਫੇਅਰ ਵਰਕ ਕਮਿਸ਼ਨ) ਦੇ ਨਾਲ ਗਲਤ ਤਰੀਕੇ ਨਾਲ ਬਰਖਾਸਤਗੀ ਦਾਅਵਾ ਜਾਂ General Protections Dispute – Termination (ਆਮ ਸੁਰੱਖਿਆ ਵਿਵਾਦ-ਕੰਮ ਤੋਂ ਕੱਢੇ ਜਾਣ) ਦਾ ਦਾਅਵਾ ਕਰ ਸਕਦੇ ਹੋ। ਜੇ ਤੁਸੀਂ ਸਫ਼ਲ ਹੋ ਜਾਂਦੇ ਹੋ, ਤਾਂ ਜਾਂ ਤਾਂ ਤੁਸੀਂ ਆਪਣੀ ਨੌਕਰੀ ਵਾਪਸ ਪ੍ਰਾਪਤ ਕਰ ਸਕਦੇ ਹੋ ਜਾਂ ਆਪਣੇ ਨੁਕਸਾਨ ਲਈ ਭੁਗਤਾਨ ਲੈ ਸਕਦੇ ਹੋ।

ਧੱਕੇਸ਼ਾਹੀ (ਬੁਲਿੰਗ)

ਕੰਮ ਵਾਲੀ ਥਾਂ ‘ਤੇ ਧੱਕੇਸ਼ਾਹੀ ਦਾ ਹੋਣਾ ਕਦੇ ਵੀ ਠੀਕ ਨਹੀਂ ਹੈ। ਜੇ ਤੁਹਾਡੇ ਨਾਲ ਕਿਸੇ ਦੁਆਰਾ ਸ਼ਬਦਾਂ ਜਾਂ ਕੰਮਾਂ ਦੁਆਰਾ ਕੰਮ ‘ਤੇ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਤੁਹਾਡੀ ਸਿਹਤ ਅਤੇ ਸੁਰੱਖਿਆ ਖ਼ਤਰੇ ਵਿੱਚ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਆਪਣੇ ਮੈਨੇਜਰ ਜਾਂ ਉਚਿਤ ਵਿਅਕਤੀ ਨੂੰ ਇਸ ਧੱਕੇਸ਼ਾਹੀ ਬਾਰੇ ਸੂਚਿਤ ਕਰੋ
  • Fair Work Commission (ਫੇਅਰ ਵਰਕ ਕਮਿਸ਼ਨ) ਰਾਹੀਂ ਧੱਕੇਸ਼ਾਹੀ ਰੋਕਣ ਦੇ ਆਦੇਸ਼ ਲੈਣ ਲਈ ਅਰਜ਼ੀ ਦਿਓ
  • ਪੁਲਿਸ ਨੂੰ ਸ਼ਿਕਾਇਤ ਕਰੋ
  • WorkSafe ਨੂੰ ਸ਼ਿਕਾਇਤ ਕਰੋ
  • ਕਰਮਚਾਰੀ ਨੂੰ ਸੱਟ ਦੇ ਮੁਆਵਜ਼ੇ ਦਾ ਦਾਅਵਾ ਕਰੋ
  • ਭੇਦਭਾਵ ਦਾ ਦਾਅਵਾ ਕਰੋ (ਉੱਪਰ ਦੇਖੋ)

ਕੀ ਕਰਨਾ ਹੈ ਇਹ ਫੈਸਲਾ ਕਰਨ ਤੋਂ ਪਹਿਲਾਂ ਕਨੂੰਨੀ ਸਲਾਹ ਲੈਣੀ ਮਹੱਤਵਪੂਰਨ ਹੈ।

ਰੁਜ਼ਗਾਰ ਦਾ ਅੰਤ

ਨੌਕਰੀ ਛੱਡਣਾ

ਬਹੁਤ ਸਾਰੀਆਂ ਨੌਕਰੀਆਂ ਵਿੱਚ ਘੱਟੋ-ਘੱਟ ਨੋਟਿਸ ਅਵਧੀ ਹੁੰਦੀ ਹੈ, ਆਮ ਤੌਰ ‘ਤੇ ਦੋ ਤੋਂ ਚਾਰ ਹਫ਼ਤਿਆਂ ਦੇ ਵਿਚਕਾਰ। ਤੁਸੀਂ ਆਮ ਤੌਰ ‘ਤੇ ਇਸ ਨੂੰ ਆਪਣੇ ਇਕਰਾਰਨਾਮੇ, ਆਧੁਨਿਕ ਪੁਰਸਕਾਰ, ਜਾਂ ਉੱਦਮ ਸਮਝੌਤੇ ਵਿੱਚ ਲੱਭ ਸਕਦੇ ਹੋ।

ਜੇ ਤੁਸੀਂ ਆਪਣੀ ਨੌਕਰੀ ਛੱਡਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਮਾਲਕ ਨੂੰ ਘੱਟੋ ਘੱਟ ਨੋਟਿਸ ਅਵਧੀ ਪ੍ਰਦਾਨ ਕਰੋ, ਨਹੀਂ ਤਾਂ ਉਹ ਇਕਰਾਰਨਾਮੇ ਦੀ ਉਲੰਘਣਾ ਲਈ ਤੁਹਾਡੇ ‘ਤੇ ਮੁਕੱਦਮਾ ਕਰ ਸਕਦੇ ਹਨ।

ਜਦੋਂ ਤੁਸੀਂ ਇੱਕ ਸਥਾਈ ਕਰਮਚਾਰੀ ਦੇ ਰੂਪ ਵਿੱਚ ਨੌਕਰੀ ਛੱਡਦੇ ਹੋ, ਤਾਂ ਤੁਹਾਨੂੰ ਆਪਣੀ ਅੰਤਮ ਤਨਖਾਹ ਵਿੱਚ ਆਪਣੀਆਂ ਹੱਕਦਾਰੀਆਂ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਬਾਕੀ ਬਚੀ ਹੋਈ ਸਲਾਨਾ ਛੁੱਟੀ ਵੀ ਸ਼ਾਮਲ ਹੈ ਜੋ ਤੁਸੀਂ ਨਹੀਂ ਲਈ ਹੈ।

ਅਣਉਚਿਤ ਬਰਖਾਸਤਗੀ

ਤੁਸੀਂ ਆਪਣੀ ਨੌਕਰੀ ਨੂੰ ਅਜਿਹੇ ਤਰੀਕੇ ਨਾਲ ਨਹੀਂ ਗੁਆ ਸਕਦੇ ਜੋ ਕਠੋਰ, ਬੇਇਨਸਾਫ਼ੀ ਵਾਲਾ ਜਾਂ ਗੈਰ ਵਾਜਬ ਹੋਵੇ। ਇਸ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ:

  • ਤੁਹਾਡੀ ਨੌਕਰੀ ਗੁਆਉਣ ਦਾ ਕੋਈ ਕਾਰਨ ਨਹੀਂ ਸੀ
  • ਤੁਹਾਡੇ ਨੌਕਰੀ ਗੁਆਉਣ ਤੋਂ ਪਹਿਲਾਂ ਤੁਹਾਨੂੰ ਕੰਮ ਵਿੱਚ ਸੁਧਾਰ ਕਰਨ ਲਈ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ
  • ਤੁਹਾਡੇ ਮਾਲਕ ਨੇ ਕੰਮ-ਸਥਾਨ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਹੈ

ਜੇ ਇਹ ਤੁਹਾਡੇ ਨਾਲ ਵਾਪਰਦਾ ਹੈ, ਤਾਂ ਤੁਸੀਂ ਆਪਣੀ ਨੌਕਰੀ ਗੁਆਉਣ ਦੇ 21 ਦਿਨਾਂ ਦੇ ਅੰਦਰ ਫੇਅਰ ਵਰਕ ਕਮਿਸ਼ਨ ਨਾਲ ਗਲਤ ਬਰਖਾਸਤਗੀ ਦਾ ਦਾਅਵਾ ਕਰ ਸਕਦੇ ਹੋ। ਜੇ ਤੁਸੀਂ ਸਫ਼ਲ ਹੋ ਜਾਂਦੇ ਹੋ, ਤਾਂ ਜਾਂ ਤਾਂ ਤੁਸੀਂ ਆਪਣੀ ਨੌਕਰੀ ਵਾਪਸ ਪ੍ਰਾਪਤ ਕਰ ਸਕਦੇ ਹੋ ਜਾਂ ਆਪਣੇ ਨੁਕਸਾਨ ਲਈ ਭੁਗਤਾਨ ਲੈ ਸਕਦੇ ਹੋ।

ਬੇਲੋੜਾਂ ਕਰਨਾ

ਕਈ ਵਾਰ, ਕਾਰੋਬਾਰ ਵਿੱਚ ਤਬਦੀਲੀ ਦੇ ਕਾਰਨ ਨੌਕਰੀਆਂ ਨੂੰ ਬੇਲੋੜਾ ਕੀਤਾ ਜਾ ਸਕਦਾ ਹੈ। ਰਿਡੰਡੈਂਸੀ (ਬੇਲੋੜਾਂ ਬਣਾਇਆ ਜਾਣਾ) ਉਹ ਹੈ ਜਿੱਥੇ ਤੁਹਾਡੀ ਨੌਕਰੀ (ਭਾਵ ਤੁਹਾਡੀ ਨੌਕਰੀ ਦਾ ਅਹੁਦਾ, ਤੁਹਾਡੀ ਤਨਖ਼ਾਹ, ਤੁਹਾਡੇ ਘੰਟੇ, ਤੁਹਾਡਾ ਸਥਾਨ ਅਤੇ ਤੁਹਾਡੇ ਕੰਮ ਦੇ ਜਿੰਮੇ) ਹੁਣ ਮੌਜੂਦ ਨਹੀਂ ਹਨ।

ਜੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਨੌਕਰੀ ਫਾਲਤੂ (ਰਿਡਨਡੇਂਟ) ਹੋ ਗਈ ਹੈ ਪਰ ਤੁਹਾਡੀ ਨੌਕਰੀ ਅਜੇ ਵੀ ਮੌਜੂਦ ਹੈ, ਜਾਂ ਤੁਹਾਨੂੰ ਉਸੇ ਕੰਪਨੀ ਵਿੱਚ ਕਿਸੇ ਵੱਖਰੀ ਨੌਕਰੀ ‘ਤੇ ਲਗਾਇਆ ਜਾ ਸਕਦਾ ਸੀ, ਜਾਂ ਤੁਹਾਡੇ ਮਾਲਕ ਨੇ ਲੋੜੀਂਦੀ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਸੀ, ਤਾਂ ਤੁਸੀਂ ਗਲਤ ਬਰਖਾਸਤਗੀ ਕੀਤੇ ਜਾਣ ਦਾ ਦਾਅਵਾ ਕਰ ਸਕਦੇ ਹੋ।

ਜੇ ਤੁਹਾਨੂੰ ਸਥਾਈ ਕਰਮਚਾਰੀ ਦੇ ਤੌਰ ‘ਤੇ ਨੌਕਰੀ ਪੱਖੋਂ ਫਾਲਤੂ (ਰਿਡਨਡੇਂਟ) ਬਣਾਇਆ ਜਾਂਦਾ ਹੈ, ਤਾਂ ਤੁਸੀਂ ਰਿਡੰਡੈਂਸੀ ਤਨਖਾਹ ਦੇ ਹੱਕਦਾਰ ਹੋ ਸਕਦੇ ਹੋ। ਇਹ ਇੱਕ ਸਾਲ ਦਾ ਕੰਮ ਕਰਨ ਤੋਂ ਬਾਅਦ ਘੱਟੋ-ਘੱਟ ਚਾਰ ਹਫ਼ਤਿਆਂ ਦੀ ਤਨਖ਼ਾਹ ਹੈ, ਅਤੇ ਜ਼ਿਆਦਾਤਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਸਮਾਂ ਕੰਮ ਕੀਤਾ ਹੈ ਅਤੇ ਤੁਹਾਡਾ ਇਕਰਾਰਨਾਮਾ, ਪੁਰਸਕਾਰ ਜਾਂ ਉੱਦਮ ਸਮਝੌਤਾ ਕੀ ਕਹਿੰਦਾ ਹੈ।

ਲਾਭਦਾਇਕ ਸੰਪਰਕ

ਇਸ ਬਰੋਸ਼ਰ ਵਿੱਚ, ਅਸੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਮ ਦਿੱਤੇ ਹਨ ਜੋ ਤੁਹਾਡੀ ਮਦਦ ਕਰ ਸਕਦੀਆਂ ਹਨ। ਇਹਨਾਂ ਸੰਸਥਾਵਾਂ ਦੇ ਸੰਪਰਕ ਵੇਰਵੇ ਹੇਠਾਂ ਹਨ।

JobWatch ਦੀ ਮੁਫ਼ਤ ਅਤੇ ਗੁਪਤ ਟੈਲੀਫ਼ੋਨ ਜਾਣਕਾਰੀ ਸੇਵਾ
ਫੋ: (03) 9662 1933 (ਮੈਲਬੌਰਨ ਮੈਟਰੋ), 1800 331 617 (ਖੇਤਰੀ ਵਿਕਟੋਰੀਆ, ਕੁਈਨਜ਼ਲੈਂਡ, ਤਸਮਾਨੀਆ)
ਵੈੱਬ: jobwatch.org.au

Fair Work Ombudsman (ਫੇਅਰ ਵਰਕ ਓਮਬਡਸਮੈਨ )
ਫੋ:
13 13 94
ਵੈੱਬ:
fairwork.gov.au

Fair Work Commission (ਫੇਅਰ ਵਰਕ ਕਮਿਸ਼ਨ)
ਫੋ:
1300 799 675
 ਵੈੱਬ:fwc.gov.au

Australian Tax Office (ਆਸਟ੍ਰੇਲੀਅਨ ਟੈਕਸ ਦਫਤਰ)
ਫੋ:
13 28 61
ਵੈੱਬ: ato.gov.au

Australian Human Rights Commission (ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ)
ਫੋ:
1300 656 419
ਵੈੱਬ:
humanrights.gov.au

ਡਾਊਨਲੋਡ ਕਰੋ

Sign up for our newsletter

Copyright © 2024 All Rights Reserved

JobWatch acknowledges and is grateful for the financial and other support it has received from our supporters.
JobWatch acknowledges the Aboriginal and Torres Strait Islander peoples of this nation. We acknowledge the traditional custodians of the lands on which we are located and where we conduct our business. We pay our respects to ancestors, and Elders, past, present and emerging.